ਨਿਊਜ਼ੀਲੈਂਡ ਸਰਕਾਰੀ ਏਜੰਸੀਆਂ ਬਾਰੇ ਜਾਣਕਾਰੀ Information on New Zealand Government agencies

ਨਿਊਜ਼ੀਲੈਂਡ ਵਿੱਚ ਕਈ ਸਰਕਾਰੀ ਏਜੰਸੀਆਂ ਹਨ ਜੋ ਰਾਸ਼ਟਰੀ ਸੁਰੱਖਿਆ ਅਤੇ ਨਿਊਜ਼ੀਲੈਂਡ ਵਿੱਚ ਤੁਹਾਡੇ ਅਧਿਕਾਰਾਂ ਦੀ ਰੱਖਿਆ ਲਈ ਜ਼ਿੰਮੇਵਾਰ ਹਨ। ਇੱਥੇ ਉਹਨਾਂ ਵਿੱਚੋਂ ਹਰੇਕ ਦੇ ਕੰਮ ਬਾਰੇ ਜਾਣਕਾਰੀ ਹੈ।

ਹੇਠਾਂ ਦਿੱਤੀਆਂ ਸਰਕਾਰੀ ਏਜੰਸੀਆਂ ਨਿਊਜ਼ੀਲੈਂਡ ਵਿੱਚ ਰਾਸ਼ਟਰੀ ਸੁਰੱਖਿਆ ਅਤੇ ਤੁਹਾਡੇ ਅਧਿਕਾਰਾਂ ਦੀ ਰੱਖਿਆ ਲਈ ਜ਼ਿੰਮੇਵਾਰ ਹਨ। ਇਹ ਜਾਣਕਾਰੀ ਇਸ ਬਾਰੇ ਹੈ ਕਿ ਉਹ ਕੀ ਕਰਦੇ ਹਨ ਅਤੇ ਉਹ ਤੁਹਾਡੀ ਸਹਾਇਤਾ ਕਿਵੇਂ ਕਰ ਸਕਦੇ ਹਨ। ਤੁਸੀਂ ਵਿਦੇਸ਼ੀ ਦਖਲਅੰਦਾਜ਼ੀ ਦੀ ਰਿਪੋਰਟ ਨਿਊਜ਼ੀਲੈਂਡ ਪੁਲਿਸ ਅਤੇ NZSIS ਨੂੰ ਕਰ ਸਕਦੇ ਹੋ। ਰਿਪੋਰਟਿੰਗ ਬਾਰੇ ਹੋਰ ਜਾਣਨ ਲਈ ਵੇਖੋ: ਵਿਦੇਸ਼ੀ ਦਖਲਅੰਦਾਜ਼ੀ ਦੀ ਰਿਪੋਰਟ ਕਿਵੇਂ ਕਰੀਏ

NZ Police

New Zealand Police | Ngā Pirihimana o Aotearoa

ਨਿਊਜ਼ੀਲੈਂਡ ਪੁਲਿਸ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ ਜੋ ਇਹ ਯਕੀਨੀ ਬਣਾਉਂਦੀਆਂ ਹਨ ਕਿ ਲੋਕ ਆਪਣੇ ਘਰਾਂ, ਸੜਕਾਂ ਅਤੇ ਆਪਣੇ ਭਾਈਚਾਰਿਆਂ ਵਿੱਚ ਸੁਰੱਖਿਅਤ ਰਹਿਣ ਅਤੇ ਸੁਰੱਖਿਅਤ ਮਹਿਸੂਸ ਕਰ ਸਕਣ। ਪੁਲਿਸ ਅਪਰਾਧ ਅਤੇ ਨੁਕਸਾਨ ਨੂੰ ਨਿਸ਼ਾਨਾ ਬਣਾਉਣ ਅਤੇ ਰੋਕਣ ਲਈ 24 ਘੰਟੇ ਸਰਗਰਮੀ ਨਾਲ ਕੰਮ ਕਰਦੀ ਹੈ। ਲਗਭਗ 15,000 ਸਟਾਫ਼ ਦੇ ਨਾਲ, ਅਸੀਂ ਸ਼ਹਿਰੀ ਅਤੇ ਪੇਂਡੂ [ਪੁਲਿਸ] ਸਟੇਸ਼ਨਾਂ ਅਤੇ ਵੱਡੇ ਪੁਲਿਸਿੰਗ ਹੱਬਾਂ ਤੋਂ ਕੰਮ ਕਰਦੇ ਹਾਂ।

ਅਸੀਂ ਜ਼ਮੀਨ, ਸਮੁੰਦਰ ਅਤੇ ਹਵਾ ਵਿੱਚ ਕੰਮ ਕਰਦੇ ਹਾਂ, ਅਤੇ ਹਰ ਸਾਲ 1.3 ਮਿਲੀਅਨ ਤੋਂ ਵੱਧ ਘਟਨਾਵਾਂ ਦਾ ਜਵਾਬ ਦਿੰਦੇ ਹਾਂ – 925,000 ਤੋਂ ਵੱਧ 111 ਕਾਲਾਂ ਅਤੇ 743,000 ਤੋਂ ਵੱਧ ਗ਼ੈਰ-ਆਪਾਤਕਾਲੀ ਕਾਲਾਂ ਦਾ ਜਵਾਬ ਦਿੰਦੇ ਹਾਂ।

ਪੁਲਿਸ ਸਟਾਫ਼ ਨੂੰ ਨਿਊਜ਼ੀਲੈਂਡ ਵਿੱਚ ਹਰ ਕਿਸੇ ਦੀ ਮਦਦ ਅਤੇ ਸੁਰੱਖਿਆ ਲਈ ਸਿਖਲਾਈ ਦਿੱਤੀ ਜਾਂਦੀ ਹੈ। ਪੁਲਿਸ ਸੇਵਾਵਾਂ ਇਸ ਤਰੀਕੇ ਨਾਲ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜੋ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਦਾ ਹੈ ਅਤੇ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਪੁਲਿਸ ਦੀਆਂ ਮੁੱਖ ਭੂਮਿਕਾਵਾਂ ਵਿੱਚ ਅਪਰਾਧ ਅਤੇ ਸੜਕ ਹਾਦਸਿਆਂ ਨੂੰ ਰੋਕਣਾ, ਜਾਂਚ ਕਰਨਾ, ਹੱਲ ਕਰਨਾ ਅਤੇ ਘਟਾਉਣਾ ਸ਼ਾਮਲ ਹੈ। ਪੁਲਿਸ ਦੇ ਕੰਮਾਂ ਵਿੱਚ ਸ਼ਾਮਲ ਹਨ:

  • ਸ਼ਾਂਤੀ ਬਣਾਈ ਰੱਖਣਾ
  • ਜਨਤਕ ਸੁਰੱਖਿਆ ਨੂੰ ਕਾਇਮ ਰੱਖਣਾ
  • ਕਾਨੂੰਨ ਲਾਗੂ ਕਰਨਾ
  • ਅਪਰਾਧ ਦੀ ਰੋਕਥਾਮ
  • ਭਾਈਚਾਰਕ ਸਹਾਇਤਾ ਅਤੇ ਭਰੋਸਾ
  • ਰਾਸ਼ਟਰੀ ਸੁਰੱਖਿਆ
  • ਨਿਊਜ਼ੀਲੈਂਡ ਤੋਂ ਬਾਹਰ ਪੁਲਿਸ ਗਤੀਵਿਧੀਆਂ ਵਿੱਚ ਭਾਗੀਦਾਰੀ
  • ਆਪਾਤਕਾਲ ਪ੍ਰਬੰਧਨ।

ਨਸਲੀ ਸੰਪਰਕ ਅਧਿਕਾਰੀ

ਪੁਲਿਸ ਦੇਸ਼ ਭਰ ਵਿੱਚ ਨਸਲੀ ਸੰਪਰਕ ਅਧਿਕਾਰੀ ਰੱਖ ਕੇ ਵਿਭਿੰਨਤਾ ਨੂੰ ਮਹੱਤਵ ਦਿੰਦੀ ਹੈ ਅਤੇ ਨਸਲੀ ਭਾਈਚਾਰਿਆਂ ਦਾ ਸਮਰਥਨ ਕਰਦੀ ਹੈ। ਉਹ ਭਾਈਚਾਰਿਆਂ ਨਾਲ ਮਿਲ ਕੇ ਕੰਮ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਪੁਲਿਸ ਸੇਵਾਵਾਂ ਨੂੰ ਸਮਝਣ ਅਤੇ ਉਹਨਾਂ ਤੱਕ ਪਹੁੰਚ ਕਰਨ ਵਿੱਚ ਮਦਦ ਮਿਲ ਸਕੇ, ਪੁਲਿਸ ਨੂੰ ਭਾਈਚਾਰਕ ਚਿੰਤਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ ਅਤੇ ਪੁਲਿਸ ਨਾਲ ਮਿਲ ਕੇ ਨਸਲੀ ਭਾਈਚਾਰਿਆਂ ਨਾਲ ਸਬੰਧਤ ਅਪਰਾਧਾਂ ਦੀ ਜਾਂਚ ਅਤੇ ਰੋਕਥਾਮ ਕੀਤੀ ਜਾ ਸਕੇ।

ਸਾਡਾ ਸਟਾਫ਼ ਹਮੇਸ਼ਾ ਤੁਹਾਡੀਆਂ ਚਿੰਤਾਵਾਂ ਸੁਣਨ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ।

ਜੇਕਰ ਤੁਹਾਨੂੰ ਨਿੱਜੀ ਤੌਰ 'ਤੇ ਜਾਂ ਔਨਲਾਈਨ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਜੋ ਤੁਹਾਨੂੰ ਆਪਣੇ ਲਈ ਜਾਂ ਦੂਜਿਆਂ ਲਈ ਡਰਾਉਂਦੀਆਂ ਹਨ, ਤਾਂ ਕਿਰਪਾ ਕਰਕੇ ਪੁਲਿਸ ਨਾਲ ਸੰਪਰਕ ਕਰੋ। ਇਸ ਵਿੱਚ ਕੋਈ ਵੀ ਘਟਨਾ ਸ਼ਾਮਲ ਹੈ ਜੋ ਨਸਲ, ਵਿਸ਼ਵਾਸ, ਜਿਨਸੀ ਝੁਕਾਅ, ਲਿੰਗ ਪਛਾਣ, ਅਪੰਗਤਾ ਜਾਂ ਉਮਰ ਦੇ ਅਧਾਰ 'ਤੇ ਦੁਸ਼ਮਣੀ ਤੋਂ ਪ੍ਰੇਰਿਤ ਹੋ ਸਕਦੀ ਹੈ।

ਸਾਰੇ ਨਿਊਜ਼ੀਲੈਂਡ ਵਾਸੀਆਂ ਨੂੰ ਆਪਣੇ ਆਲੇ-ਦੁਆਲੇ ਤੋਂ ਜਾਣੂ ਹੋਣਾ ਚਾਹੀਦਾ ਹੈ ਅਤੇ ਸ਼ੱਕੀ ਜਾਂ ਅਸਾਧਾਰਨ ਵਿਵਹਾਰ ਦੀ ਰਿਪੋਰਟ ਅਧਿਕਾਰੀਆਂ ਨੂੰ ਕਰਨੀ ਚਾਹੀਦੀ ਹੈ।

111 ਪੁਲਿਸ ਐਮਰਜੈਂਸੀ:

111 'ਤੇ ਕਾਲ ਕਰੋ ਅਤੇ ਪੁਲਿਸ ਨੂੰ ਪੁੱਛੋ ਜਦੋਂ:

  • ਲੋਕ ਫਟੱੜ ਹਨ ਜਾਂ ਖ਼ਤਰੇ ਵਿੱਚ ਹਨ; ਜਾਂ
  • ਜਾਨ ਜਾਂ ਜਾਇਦਾਦ ਲਈ ਕੋਈ ਗੰਭੀਰ, ਤੁਰੰਤ ਜਾਂ ਨਜ਼ਦੀਕੀ ਖ਼ਤਰਾ ਹੈ; ਜਾਂ, ਕੋਈ ਅਪਰਾਧ ਹੋ ਰਿਹਾ ਹੈ ਜਾਂ ਹੁਣੇ ਹੀ ਕੀਤਾ ਗਿਆ ਹੈ ਅਤੇ ਅਪਰਾਧੀ ਅਜੇ ਵੀ ਘਟਨਾ ਸਥਲ 'ਤੇ ਹਨ ਜਾਂ ਹੁਣੇ ਹੀ ਗਏ ਹਨ।

105 ਪੁਲਿਸ ਗ਼ੈਰ-ਆਪਾਤਕਾਲੀ ਰਿਪੋਰਟਿੰਗ:

ਜੇਕਰ ਜਾਣਕਾਰੀ ਸਮੇਂ ਦੇ ਹਿਸਾਬ ਨਾਲ ਮਹੱਤਵਪੂਰਨ ਨਹੀਂ ਹੈ, ਤਾਂ ਲੋਕ ਸ਼ੱਕੀ ਜਾਂ ਅਸਾਧਾਰਨ ਵਿਵਹਾਰ ਦੀ ਰਿਪੋਰਟ ਆਪਣੀ ਸਥਾਨਕ ਪੁਲਿਸ ਨੂੰ ਇਸ ਤਰ੍ਹਾਂ ਕਰ ਸਕਦੇ ਹਨ:

ਜੇਕਰ ਤੁਹਾਨੂੰ ਪੁਲਿਸ ਨਾਲ ਗੱਲ ਕਰਨ ਦੀ ਲੋੜ ਹੈ, ਤਾਂ ਕਿਸੇ ਵੀ ਮੋਬਾਈਲ ਜਾਂ ਲੈਂਡਲਾਈਨ ਤੋਂ 105 'ਤੇ ਕਾਲ ਕਰੋ। ਇਹ ਇੱਕ ਮੁਫ਼ਤ ਦੇਸ਼ ਵਿਆਪੀ ਸੇਵਾ ਹੈ ਜੋ 24/7 ਉਪਲਬਧ ਹੈ। ਜੇਕਰ ਤੁਸੀਂ 105 ਤੱਕ ਨਹੀਂ ਪਹੁੰਚ ਸਕਦੇ ਤਾਂ ਕਿਰਪਾ ਕਰਕੇ ਸਾਡੇ ਨਾਲ https://www.police.govt.nz/use-105 'ਤੇ ਔਨਲਾਈਨ ਸੰਪਰਕ ਕਰੋ।

NZSIS

New Zealand Security Intelligence Service | Te Pā Whakamarumaru

ਨਿਊਜ਼ੀਲੈਂਡ ਸਕਿਓਰਿਟੀ ਇੰਟੈਲੀਜੈਂਸ ਸਰਵਿਸ (NZSIS) ਨਿਊਜ਼ੀਲੈਂਡ ਦੀ ਘਰੇਲੂ ਸੁਰੱਖਿਆ ਖੁਫੀਆ ਏਜੰਸੀ ਹੈ। ਇਸਦਾ ਮਿਸ਼ਨ ਨਿਊਜ਼ੀਲੈਂਡ ਅਤੇ ਇੱਥੇ ਰਹਿਣ ਵਾਲੇ ਹਰ ਵਿਅਕਤੀ ਨੂੰ ਸੁਰੱਖਿਅਤ ਰੱਖਣਾ ਹੈ।

NZSIS ਇੱਕ ਜਨਤਕ ਸੇਵਾ ਵਿਭਾਗ ਹੈ ਜੋ ਨਿਊਜ਼ੀਲੈਂਡ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਿਆਂ ਦੀ ਜਾਂਚ ਕਰਦਾ ਹੈ। ਇਸਦਾ ਮਤਲਬ ਨਿਊਜ਼ੀਲੈਂਡ ਨੂੰ ਇੱਕ ਆਜ਼ਾਦ, ਖੁੱਲ੍ਹੇ ਅਤੇ ਲੋਕਤੰਤਰੀ ਸਮਾਜ ਵਜੋਂ ਸੁਰੱਖਿਅਤ ਕਰਨਾ ਹੈ। ਇਹ ਨਿਊਜ਼ੀਲੈਂਡ ਦੇ ਅੰਤਰਰਾਸ਼ਟਰੀ ਸਬੰਧਾਂ ਅਤੇ ਆਰਥਿਕ ਤੰਦਰੁਸਤੀ ਦੀ ਰੱਖਿਆ ਵਿੱਚ ਵੀ ਮਦਦ ਕਰਦਾ ਹੈ।

ਇਹ ਨਿਊਜ਼ੀਲੈਂਡ ਦੀ ਘਰੇਲੂ ਸੁਰੱਖਿਆ ਏਜੰਸੀ ਹੈ ਅਤੇ ਹਯੁਮਨ ਇੰਟੈਲੀਜੈਂਸ ਲਈ ਮੋਹਰੀ ਹੈ।ਇਸਦਾ ਮਤਲਬ ਹੈ ਕਿ ਇਹ ਕਈ ਤਰ੍ਹਾਂ ਦੇ ਲੋਕਾਂ ਨਾਲ ਗੱਲ ਕਰਕੇ ਜਾਣਕਾਰੀ ਇਕੱਠੀ ਕਰਦੀ ਹੈ। NZSIS ਦੁਆਰਾ ਪੇਸ਼ ਕੀਤੀ ਗਈ ਇੰਟੈਲੀਜੈਂਸ ਸਰਕਾਰ ਅਤੇ ਹੋਰ ਨੀਤੀ ਨਿਰਮਾਤਾਵਾਂ ਨੂੰ ਚੰਗੇ ਫੈਸਲੇ ਲੈਣ ਵਿੱਚ ਸਹਾਇਤਾ ਲਈ ਪ੍ਰਦਾਨ ਕੀਤੀ ਜਾਂਦੀ ਹੈ।

NZSIS ਦਾ ਇੱਕ ਹੋਰ ਕੰਮ ਸਰਕਾਰੀ ਏਜੰਸੀਆਂ ਅਤੇ ਹੋਰਾਂ ਦੀ ਆਪਣੇ ਲੋਕਾਂ, ਜਾਣਕਾਰੀ ਅਤੇ ਸੰਪਤੀਆਂ ਨੂੰ ਰਾਸ਼ਟਰੀ ਸੁਰੱਖਿਆ ਖਤਰਿਆਂ ਤੋਂ ਬਚਾਉਣ ਵਿੱਚ ਮਦਦ ਕਰਨਾ ਹੈ।

NZSIS ਲਈ ਧਿਆਨ ਕੇਂਦ੍ਰਿਤ ਕਰਨ ਦੇ ਮੁੱਖ ਖੇਤਰ ਹਨ:

  • ਵਿਦੇਸ਼ੀ ਦਖਲਅੰਦਾਜ਼ੀ, ਜਿਸ ਵਿੱਚ ਜ਼ਬਰਦਸਤੀ ਵਿਦੇਸ਼ੀ ਰਾਜ ਗਤੀਵਿਧੀ ਦੁਆਰਾ ਨਸਲੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ।
  • ਜਾਸੂਸੀ
  • ਹਿੰਸਕ ਕੱਟੜਵਾਦ ਅਤੇ ਅੱਤਵਾਦ

NZSIS ਘਰੇਲੂ ਭਾਈਵਾਲਾਂ ਜਿਵੇਂਕਿ ਨਿਊਜ਼ੀਲੈਂਡ ਪੁਲਿਸ ਅਤੇ ਸਰਕਾਰੀ ਸੰਚਾਰ ਸੁਰੱਖਿਆ ਬਿਊਰੋ (GCSB) ਨਾਲ ਮਿਲ ਕੇ ਕੰਮ ਕਰਦਾ ਹੈ।  ਇਹ ਆਪਣੇ ਮਿਸ਼ਨ ਦੇ ਹਿੱਸੇ ਵਜੋਂ ਭਾਈਚਾਰਿਆਂ, ਇਵੀ ਮਾਓਰੀ (iwi Māori), ਸਥਾਨਕ ਸਰਕਾਰ, ਸਿੱਖਿਆ ਖੇਤਰ, ਕਾਰੋਬਾਰਾਂ ਅਤੇ ਸੰਗਠਨਾਂ ਨਾਲ ਵੀ ਕੰਮ ਕਰਦਾ ਹੈ।

ਇਹ ਇੰਟੈਲੀਜੈਂਸ ਐਂਡ ਸਕਿਓਰਿਟੀ ਐਕਟ 2017 ਨਾਮਕ ਇੱਕ ਕਾਨੂੰਨ ਦੇ ਅਧੀਨ ਕੰਮ ਕਰਦਾ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ NZSIS ਕਾਨੂੰਨੀ ਤੌਰ 'ਤੇ ਕੰਮ ਕਰਦਾ ਹੈ, ਰਾਜਨੀਤਿਕ ਤੌਰ 'ਤੇ ਨਿਰਪੱਖ ਹੈ ਅਤੇ ਮਨੁੱਖੀ ਅਧਿਕਾਰਾਂ ਦੀਆਂ ਜ਼ਿੰਮੇਵਾਰੀਆਂ ਨੂੰ ਬਰਕਰਾਰ ਰੱਖਦਾ ਹੈ।  NZSIS ਨੂੰ ਨਿਊਜ਼ੀਲੈਂਡ ਸਰਕਾਰ ਦੁਆਰਾ ਨਿਰਧਾਰਤ ਇੰਟੈਲੀਜੈਂਸ ਤਰਜੀਹਾਂ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ।

NZSIS ਕਿਸੇ ਨੂੰ ਵੀ ਗ੍ਰਿਫਤਾਰ ਜਾਂ ਹਿਰਾਸਤ ਵਿੱਚ ਨਹੀਂ ਲੈ ਸਕਦਾ, ਅਤੇ ਇਹ ਲੋਕਾਂ ਦੀ ਉਨ੍ਹਾਂ ਦੇ ਵਿਸ਼ਵਾਸ, ਕੌਮੀਅਤ ਜਾਂ ਕਾਨੂੰਨੀ ਵਿਰੋਧ ਗਤੀਵਿਧੀ ਵਿੱਚ ਸ਼ਾਮਲ ਹੋਣ ਦੇ ਕਾਰਨ ਜਾਂਚ ਨਹੀਂ ਕਰਦਾ।

ਸਾਰੇ ਜਨਤਕ ਸੇਵਾ ਵਿਭਾਗਾਂ ਵਾਂਗ, NZSIS ਲੋਕਪਾਲ, ਗੋਪਨੀਯਤਾ ਕਮਿਸ਼ਨਰ, ਆਡੀਟਰ-ਜਨਰਲ ਦੇ ਦਫ਼ਤਰ ਅਤੇ ਜਨਤਕ ਸੇਵਾ ਕਮਿਸ਼ਨ ਪ੍ਰਤੀ ਜਵਾਬਦੇਹ ਹੈ।

NZSIS, ਇੰਟੈਲੀਜੈਂਸ ਅਤੇ ਸੁਰੱਖਿਆ ਦੇ ਇੰਸਪੈਕਟਰ-ਜਨਰਲ ਦੁਆਰਾ ਮਜ਼ਬੂਤ, ਸੁਤੰਤਰ ਨਿਗਰਾਨੀ ਦੇ ਅਧੀਨ ਵੀ ਹੈ। ਉਸਦੀ ਭੂਮਿਕਾ ਸ਼ਿਕਾਇਤਾਂ ਦੀ ਜਾਂਚ ਕਰਨਾ ਅਤੇ ਖੁਫੀਆ ਏਜੰਸੀਆਂ ਬਾਰੇ ਪੁੱਛਗਿੱਛ ਕਰਨਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਕਾਨੂੰਨੀ ਅਤੇ ਸਹੀ ਢੰਗ ਨਾਲ ਕੰਮ ਕਰਦੀਆਂ ਹਨ। NZSIS ਨਿਊਜ਼ੀਲੈਂਡ ਦੀ ਸੰਸਦ ਅਤੇ ਮੰਤਰੀਆਂ ਪ੍ਰਤੀ ਵੀ ਜਵਾਬਦੇਹ ਹੈ।

ਹੋਰ ਜਾਣੋ ਹੋਮ | ਨਿਊਜ਼ੀਲੈਂਡ ਸਕਿਓਰਿਟੀ ਇੰਟੈਲੀਜੈਂਸ ਸਰਵਿਸ

ਜਾਣਕਾਰੀ ਰੱਖੋ ਸ਼ਮੂਲੀਅਤ | ਨਿਊਜ਼ੀਲੈਂਡ ਸਕਿਓਰਿਟੀ ਇੰਟੈਲੀਜੈਂਸ ਸਰਵਿਸ

ਚਿੰਤਾ ਦੀ ਰਿਪੋਰਟ ਕਰੋ ਰਾਸ਼ਟਰੀ ਸੁਰੱਖਿਆ ਚਿੰਤਾ ਦੀ ਰਿਪੋਰਟ ਕਰਨਾ

GCSB

Government Communications Security Bureau | Te Tira Tiaki

ਗੌਵਰਨਮੈਂਟ ਕਮਿਯੁਨਿਕੇਸ਼ਨ ਸਕਿਓਰਿਟੀ ਬਿਊਰੋ (GCSB) ਨਿਊਜ਼ੀਲੈਂਡ ਦੀ ਸਿਗਨਲ ਇੰਟੈਲੀਜੈਂਸ ਲਈ ਮੁੱਖ ਏਜੰਸੀ ਹੈ। ਇਸਦਾ ਮਤਲਬ ਹੈ ਇਲੈਕਟ੍ਰਾਨਿਕ ਸੰਚਾਰ ਤੋਂ ਪ੍ਰਾਪਤ ਕੀਤੀ ਗਈ ਇੰਟੈਲੀਜੈਂਸ।

ਇਹ ਖੁਫੀਆ ਜਾਣਕਾਰੀ ਸਰਕਾਰੀ ਏਜੰਸੀਆਂ ਨੂੰ ਉਨ੍ਹਾਂ ਦੇ ਕਾਰਜਾਂ ਅਤੇ ਫੈਸਲੇ ਲੈਣ ਵਿੱਚ ਸਹਾਇਤਾ ਲਈ ਪ੍ਰਦਾਨ ਕੀਤੀ ਜਾਂਦੀ ਹੈ। GCSB ਨੂੰ ਵਿਦੇਸ਼ੀ ਭਾਈਵਾਲਾਂ, ਖਾਸ ਕਰਕੇ ਆਸਟ੍ਰੇਲੀਆ, ਸੰਯੁਕਤ ਰਾਜ, ਯੂਨਾਈਟਿਡ ਕਿੰਗਡਮ ਅਤੇ ਕੈਨੇਡਾ ਤੋਂ ਵੀ ਖੁਫੀਆ ਜਾਣਕਾਰੀ ਮਿਲਦੀ ਹੈ। GCSB ਅਤੇ ਵਿਦੇਸ਼ੀ ਖੁਫੀਆ ਜਾਣਕਾਰੀ ਦਾ ਇਹ ਸੁਮੇਲ ਨਿਊਜ਼ੀਲੈਂਡ ਨੂੰ ਦੁਨੀਆ ਨੂੰ ਸਮਝਣ ਅਤੇ ਰਾਸ਼ਟਰੀ ਸੁਰੱਖਿਆ ਖਤਰਿਆਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਦਾ ਹੈ।

GCSB, ਨੈਸ਼ਨਲ ਸਾਈਬਰ ਸਕਿਓਰਿਟੀ ਸੈਂਟਰ (NCSC) ਰਾਹੀਂ ਸਾਈਬਰ ਸੁਰੱਖਿਆ ਲਈ ਮੁੱਖ ਸੰਚਾਲਨ ਏਜੰਸੀ ਵੀ ਹੈ, ਜੋ ਕਿ GCSB ਦੇ ਅੰਦਰ ਇੱਕ ਵਪਾਰਕ ਇਕਾਈ ਹੈ। NCSC ਸਾਰੇ ਨਿਊਜ਼ੀਲੈਂਡ ਨੂੰ ਸਾਈਬਰ ਸੁਰੱਖਿਆ ਸੇਵਾਵਾਂ ਪ੍ਰਦਾਨ ਕਰਦਾ ਹੈ - ਵਿਅਕਤੀਆਂ ਤੋਂ ਲੈ ਕੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਅਤੇ ਸੰਗਠਨਾਂ, ਵੱਡੇ ਉੱਦਮਾਂ, ਸਰਕਾਰ ਅਤੇ ਰਾਸ਼ਟਰੀ ਪੱਧਰ 'ਤੇ ਮਹੱਤਵਪੂਰਨ ਸੰਗਠਨਾਂ ਤੱਕ।

ਆਪਣੇ ਔਨਲਾਈਨ ਮਾਲਕ ਆਪ ਬਣੋ (Own Your Online), NCSC ਦੀ ਵੈੱਬਸਾਈਟ ਹੈ ਜੋ ਵਿਅਕਤੀਆਂ ਅਤੇ ਛੋਟੇ ਤੋਂ ਦਰਮਿਆਨੇ ਕਾਰੋਬਾਰਾਂ ਲਈ ਸਾਈਬਰ ਸੁਰੱਖਿਆ ਸਲਾਹ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੈ। ਸਾਈਬਰ ਸੁਰੱਖਿਆ ਘਟਨਾ ਦੀ ਰਿਪੋਰਟ ਕਰਨ ਲਈ, ਆਪਣੇ ਔਨਲਾਈਨ ਮਾਲਕ ਆਪ ਬਣੋ (Own Your Online) ਜਾਂ ਨੈਸ਼ਨਲ ਸਾਈਬਰ ਸਕਿਓਰਿਟੀ ਸੈਂਟਰ'ਤੇ ਜਾਓ।

GCSB ਨਿਊਜ਼ੀਲੈਂਡ ਸੁਰੱਖਿਆ ਖੁਫੀਆ ਸੇਵਾ (NZSIS) ਨਾਲ ਮਿਲ ਕੇ ਕੰਮ ਕਰਦਾ ਹੈ। NZSIS ਨਿਊਜ਼ੀਲੈਂਡ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਿਆਂ ਦੀ ਜਾਂਚ ਕਰਦਾ ਹੈ ਜਿਸ ਵਿੱਚ ਨਿਊਜ਼ੀਲੈਂਡ ਦੇ ਲੋਕਤੰਤਰ ਦੀ ਰੱਖਿਆ, ਵਿਦੇਸ਼ੀ ਦਖਲਅੰਦਾਜ਼ੀ ਦੇ ਖਤਰਿਆਂ ਅਤੇ ਸਾਰੇ ਲੋਕਾਂ ਦੇ ਆਜ਼ਾਦ ਤੌਰ 'ਤੇ ਰਹਿਣ ਅਤੇ ਬੋਲਣ ਦੇ ਅਧਿਕਾਰ ਸ਼ਾਮਲ ਹਨ।

ਬਹੁਤ ਸਾਰੇ ਸੁਰੱਖਿਆ ਉਪਾਅ ਹਨ ਜੋ ਇਹ ਯਕੀਨੀ ਬਣਾਉਂਦੇ ਹਨ ਕਿ GCSB ਹਮੇਸ਼ਾ ਨਿਊਜ਼ੀਲੈਂਡ ਦੇ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੀਆਂ ਜ਼ਿੰਮੇਵਾਰੀਆਂ ਦੇ ਅਨੁਸਾਰ ਕੰਮ ਕਰਦਾ ਹੈ।

GCSB ਆਪਣੇ ਕੰਮ ਇੰਟੈਲੀਜੈਂਸ ਐਂਡ ਸਕਿਓਰਿਟੀ ਐਕਟ 2017 ਦੇ ਅਧੀਨ ਕਰਦਾ ਹੈ, ਜੋ ਕਿ ਇੱਕ ਕਾਨੂੰਨ ਹੈ ਜੋ ਨਿਊਜ਼ੀਲੈਂਡ ਨੂੰ ਇੱਕ ਆਜ਼ਾਦ, ਖੁੱਲ੍ਹੇ ਅਤੇ ਲੋਕਤੰਤਰੀ ਸਮਾਜ ਵਜੋਂ ਸੁਰੱਖਿਅਤ ਰੱਖਦਾ ਹੈ।

GCSB ਇੱਕ ਜਨਤਕ ਸੇਵਾ ਵਿਭਾਗ ਹੈ ਅਤੇ, ਸਾਰੀਆਂ ਸਰਕਾਰੀ ਏਜੰਸੀਆਂ ਵਾਂਗ, ਲੋਕਪਾਲ, ਗੋਪਨੀਯਤਾ ਕਮਿਸ਼ਨਰ, ਆਡੀਟਰ-ਜਨਰਲ ਦੇ ਦਫ਼ਤਰ ਅਤੇ ਜਨਤਕ ਸੇਵਾ ਕਮਿਸ਼ਨ ਪ੍ਰਤੀ ਜਵਾਬਦੇਹ ਹੈ। GCSB, ਇੰਟੈਲੀਜੈਂਸ ਐਂਡ ਸਕਿਓਰਿਟੀ ਦੇ ਇੰਸਪੈਕਟਰ-ਜਨਰਲ ਦੁਆਰਾ ਮਜ਼ਬੂਤ, ਸੁਤੰਤਰ ਨਿਗਰਾਨੀ ਦੇ ਅਧੀਨ ਵੀ ਹੈ।  ਇੰਸਪੈਕਟਰ-ਜਨਰਲ ਖੁਫੀਆ ਏਜੰਸੀਆਂ ਵਿਰੁੱਧ ਸ਼ਿਕਾਇਤਾਂ ਦੀ ਜਾਂਚ ਕਰਦਾ ਹੈ ਅਤੇ ਇਹ ਜਾਂਚਣ ਲਈ ਸਮੀਖਿਆਵਾਂ ਅਤੇ ਪੁੱਛਗਿੱਛ ਕਰਦਾ ਹੈ ਕਿ ਉਹ ਕਾਨੂੰਨੀ ਅਤੇ ਸਹੀ ਢੰਗ ਨਾਲ ਕੰਮ ਕਰਦੇ ਹਨ। GCSB ਨਿਊਜ਼ੀਲੈਂਡ ਦੀ ਸੰਸਦ ਅਤੇ ਮੰਤਰੀਆਂ ਪ੍ਰਤੀ ਵੀ ਜਵਾਬਦੇਹ ਹੈ।

GCSB ਲਈ ਲਗਭਗ 600 ਸਟਾਫ ਕੰਮ ਕਰਦਾ ਹੈ।  ਉਹ ਨਿਊਜ਼ੀਲੈਂਡ ਦੇ ਸਮਾਜ ਵਿੱਚੋਂ ਲਏ ਗਏ ਹਨ ਅਤੇ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਵਿੱਚ ਕੰਮ ਕਰਦੇ ਹਨ। GCSB ਦੀ ਇੱਕ ਜਨਤਕ ਵੈੱਬਸਾਈਟ www.gcsb.govt.nz ਹੈ ਜੋ ਇਸ ਦੇ ਕੰਮ ਬਾਰੇ ਹੋਰ ਦੱਸਦੀ ਹੈ।

Human Rights Commission

Human Rights Commission | Te Kāhui Tika Tangata

ਤੇ ਕਹੂਈ ਟਿਕਾ ਟੰਗਾਟਾ (Te Kāhui Tika Tangata) ਮਨੁੱਖੀ ਅਧਿਕਾਰ ਕਮਿਸ਼ਨ ਨਿਊਜ਼ੀਲੈਂਡ ਦੀ ਨੈਸ਼ਨਲ ਹਯੁਮਨ ਰਾਈਟ ਇੰਸਟੀਚੁਟ (NHRI) ਹੈ। “ਉਹ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਸਾਰਿਆਂ ਲਈ ਸਨਮਾਨ ਦੀ ਜ਼ਿੰਦਗੀ" ਸਾਡਾ ਨਾਅਰਾ ਹੈ ਅਤੇ ਅਸੀਂ ਸਾਰੇ ਨਿਊਜ਼ੀਲੈਂਡ ਵਾਸੀਆਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਮਜ਼ਬੂਤੀ ਦੇ ਕੇ ਅਤੇ ਇਹ ਯਕੀਨੀ ਬਣਾ ਕੇ ਕਿ ਤੇ ਤਿਰੀਤੀ ਓ ਵੈਤਾਂਗੀ (Te Tiriti o Waitangi) ਸਾਡੇ ਹਰ ਕੰਮ ਵਿੱਚ ਸ਼ਾਮਲ ਹੈ, ਇਸਨੂੰ ਸਾਕਾਰ ਕਰਦੇ ਹਾਂ।

ਹਯੁਮਨ ਰਾਈਟ ਕਮਿਸ਼ਨ ਦੇ ਚਾਰ ਕਮਿਸ਼ਨਰ, ਇੱਕ ਮੂਲ ਨਿਵਾਸੀ ਅਧਿਕਾਰ ਸ਼ਾਸਨ ਸਾਥੀ ਅਤੇ ਲਗਭਗ 60 ਸਟਾਫ ਹੈ ਜੋ ਆਕਲੈਂਡ, ਵੈਲਿੰਗਟਨ ਅਤੇ ਕ੍ਰਾਈਸਟਚਰਚ ਵਿੱਚ ਸਥਿਤ ਹੈ।

ਅਸੀਂ ਕਈ ਤਰੀਕਿਆਂ ਨਾਲ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਅਤੇ ਸੁਰੱਖਿਅਤ ਕਰਦੇ ਹਾਂ।  ਇਹਨਾਂ ਵਿੱਚੋਂ ਇੱਕ ਸਾਡੀਆਂ ਮੁਫ਼ਤ ਅਤੇ ਗੁਪਤ ਸੇਵਾਵਾਂ ਰਾਹੀਂ ਹੈ ਜੋ ਮਨੁੱਖੀ ਅਧਿਕਾਰ ਐਕਟ 1993 ਦੇ ਤਹਿਤ ਗ਼ੈਰ-ਕਾਨੂੰਨੀ ਵਿਤਕਰੇ ਬਾਰੇ ਸ਼ਿਕਾਇਤਾਂ ਦਾ ਹੱਲ ਕਰਨ ਵਿੱਚ ਜਨਤਾ ਦੀ ਮਦਦ ਕਰਦੀਆਂ ਹਨ।

ਸਾਡੇ ਕੇਸ ਸਲਾਹਕਾਰ ਅਤੇ ਵਿਚੋਲੇ ਜਾਣਕਾਰੀ ਪ੍ਰਦਾਨ ਕਰਨ, ਛੇਤੀ ਹੱਲ ਦਾ ਸਮਰਥਨ ਕਰਨ ਅਤੇ ਵਿਵਾਦ ਨਿਪਟਾਰਾ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ ਲੋਕਾਂ ਨਾਲ ਕੰਮ ਕਰਦੇ ਹਨ। ਸਾਡੀਆਂ ਸੇਵਾਵਾਂ ਮੁਫ਼ਤ ਅਤੇ ਗੁਪਤ ਹਨ। ਅਸੀਂ ਸ਼ਿਕਾਇਤਾਂ ਦੀ ਜਾਂਚ ਨਹੀਂ ਕਰਦੇ ਜਾਂ ਇਹ ਨਿਰਧਾਰਤ ਨਹੀਂ ਕਰਦੇ ਕਿ ਕੀ ਕਾਨੂੰਨ ਦਾ ਉਲੰਘਣ ਹੋਇਆ ਹੈ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਨਸਲ, ਧਰਮ, ਲਿੰਗ, ਲਿੰਗ ਪ੍ਰਗਟਾਵੇ, ਜਿਨਸੀ ਝੁਕਾਅ, ਅਪੰਗਤਾ ਜਾਂ ਕਿਸੇ ਹੋਰ ਨਿੱਜੀ ਵਿਸ਼ੇਸ਼ਤਾ ਦੇ ਕਾਰਨ
ਵਿਤਕਰਾ ਹੋਇਆ ਹੈ ਤਾਂ ਤੁਸੀਂ ਸ਼ਿਕਾਇਤ ਕਰ ਸਕਦੇ ਹੋ।

ਜੇ ਤੁਸੀਂ ਜਿਨਸੀ ਉੱਤਪੀੜਨ, ਅਣਚਾਹੇ ਜਿਨਸੀ ਵਿਵਹਾਰ ਦਾ ਅਨੁਭਵ ਕੀਤਾ ਹੈ, ਜਾਂ ਜੇਕਰ ਕੋਈ ਤੁਹਾਡੇ ਜਿਨਸੀ ਰੁਝਾਨ ਜਾਂ ਲਿੰਗ ਪ੍ਰਗਟਾਵੇ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੁਸੀਂ ਸ਼ਿਕਾਇਤ ਵੀ ਕਰ ਸਕਦੇ ਹੋ।

ਵਿਤਕਰਾ ਕਿਸੇ ਵਿਅਕਤੀ ਤੋਂ ਹੋ ਸਕਦਾ ਹੈ, ਜਿਵੇਂਕਿ ਮਾਲਕ, ਦੁਕਾਨਦਾਰ, ਅਧਿਆਪਕ, ਜਾਂ ਕਿਸੇ ਸੰਸਥਾ ਜਾਂ ਸੇਵਾ ਜਿਵੇਂਕਿ ਰੈਸਟੋਰੈਂਟ ਜਾਂ ਸਰਕਾਰੀ ਸੰਸਥਾ ਤੋਂ।

ਹਯੁਮਨ ਰਾਈਟ ਕਮਿਸ਼ਨ ਨੂੰ ਸ਼ਿਕਾਇਤ ਕਰਨਾ ਮੁਫ਼ਤ ਅਤੇ ਗੁਪਤ ਹੈ। ਸ਼ਿਕਾਇਤ ਕਰਨ ਬਾਰੇ ਹੋਰ ਜਾਣਨ ਲਈ, ਸਾਡੀ ਵੈੱਬਸਾਈਟ tikatangata.org.nz'ਤੇ ਜਾਓ।

ਜਾਣਕਾਰੀ ਤੇ ਰੀਓ ਮਾਓਰੀ, ਸਮੋਅਨ, ਟੋਂਗਨ, ਪਰੰਪਰਾਗਤ ਚੀਨੀ, ਸਰਲੀਕ੍ਰਿਤ ਚੀਨੀ ਅਤੇ ਹਿੰਦੀ ਵਿੱਚ ਉਪਲਬਧ ਹੈ, ਨਾਲ ਹੀ ਆਸਾਨ ਪੜ੍ਹਨ,
ਬ੍ਰੇਲ ਫਾਈਲ, ਵੱਡੇ ਪ੍ਰਿੰਟ ਅਤੇ ਆਡੀਓ ਵਰਗੇ ਪਹੁੰਚਯੋਗ ਫਾਰਮੈਟਾਂ ਵਿੱਚ ਵੀ ਉਪਲਬਧ ਹੈ।

ਉਹ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ।
ਸਾਰਿਆਂ ਲਈ ਇੱਜ਼ਤ ਦੀ ਜ਼ਿੰਦਗੀ।

Ombudsman | Kaitiaki Mana Tangata

Ombudsman | Kaitiaki Mana Tangata

ਜਦੋਂ ਲੋਕਾਂ ਨੂੰ ਸਰਕਾਰੀ ਏਜੰਸੀਆਂ, ਜਿਨ੍ਹਾਂ ਵਿੱਚ ਕੇਂਦਰ ਸਰਕਾਰ ਅਤੇ ਸਥਾਨਕ ਸਰਕਾਰ ਸ਼ਾਮਲ ਹਨ, ਨਾਲ ਸਮੱਸਿਆਵਾਂ ਆਉਂਦੀਆਂ ਹਨ ਤਾਂ ਲੋਕਪਾਲ ਮਦਦ ਕਰ ਸਕਦਾ ਹੈ। ਉਦਾਹਰਣ ਵਜੋਂ, ਸਮਾਜਿਕ ਵਿਕਾਸ ਮੰਤਰਾਲਾ (Ministry of Social Development), ਇਮੀਗ੍ਰੇਸ਼ਨ ਨਿਊਜ਼ੀਲੈਂਡ, ਤੁਹਾਡੇ ਬੱਚੇ ਦਾ ਸਕੂਲ ਅਤੇ ਤੁਹਾਡੀ ਸਥਾਨਕ ਕੌਂਸਲ।

ਲੋਕਪਾਲ ਨੂੰ ਪੁੱਛਗਿੱਛ ਕਰਨਾ ਜਾਂ ਸ਼ਿਕਾਇਤ ਕਰਨਾ ਮੁਫ਼ਤ ਹੈ ਅਤੇ ਹਰ ਕਿਸੇ ਲਈ ਉਪਲਬਧ ਹੈ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਸਰਕਾਰੀ ਏਜੰਸੀ ਨੇ ਅਜਿਹਾ ਕੰਮ ਕੀਤਾ ਹੈ ਜਾਂ ਫੈਸਲੇ ਲਏ ਹਨ ਜਿਨ੍ਹਾਂ ਤੋਂ ਤੁਸੀਂ ਨਾਖੁਸ਼ ਹੋ, ਜੋ ਤੁਹਾਨੂੰ ਅਨੁਚਿਤ, ਗ਼ੈਰ-ਵਾਜਬ ਜਾਂ ਗਲਤ ਲੱਗ ਸਕਦੇ ਹਨ, ਤਾਂ ਤੁਸੀਂ ਲੋਕਪਾਲ ਨੂੰ ਸ਼ਿਕਾਇਤ ਕਰ ਸਕਦੇ ਹੋ। ਤੁਹਾਡੀ ਸ਼ਿਕਾਇਤ ਨੂੰ ਧਿਆਨ ਨਾਲ ਵਿਚਾਰਿਆ ਜਾਵੇਗਾ। ਲੋਕਪਾਲ ਤੁਹਾਨੂੰ ਪਹਿਲਾਂ ਏਜੰਸੀ ਕੋਲ ਸ਼ਿਕਾਇਤ ਕਰਨ ਲਈ ਕਹਿ ਸਕਦਾ ਹੈ ਅਤੇ ਅਜਿਹਾ ਕਿਵੇਂ ਕਰਨਾ ਹੈ ਇਸ ਬਾਰੇ ਸਲਾਹ ਦੇ ਸਕਦਾ ਹੈ। ਲੋਕਪਾਲ ਤੁਹਾਨੂੰ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ ਦੇ ਕਿਸੇ ਵੀ ਹੋਰ ਤਰੀਕੇ ਬਾਰੇ ਦੱਸ ਸਕਦਾ ਹੈ। ਲੋਕਪਾਲ ਤੁਹਾਡੀ ਸ਼ਿਕਾਇਤ ਨੂੰ ਹੱਲ ਕਰਨ ਜਾਂ ਇਸ ਦੀ ਜਾਂਚ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ।

ਜੇ ਕੋਈ ਸਰਕਾਰੀ ਏਜੰਸੀ ਤੁਹਾਨੂੰ ਜਾਣਕਾਰੀ ਦੇਣ ਤੋਂ ਇਨਕਾਰ ਕਰਦੀ ਹੈ ਤਾਂ ਤੁਸੀਂ ਲੋਕਪਾਲ ਨੂੰ ਵੀ ਸ਼ਿਕਾਇਤ ਕਰ ਸਕਦੇ ਹੋ।

ਲੋਕਪਾਲ ਉਹਨਾਂ ਲੋਕਾਂ ਦੀ ਵੀ ਮਦਦ ਕਰਦਾ ਹੈ ਜੋ ਆਪਣੇ ਕੰਮ ਵਾਲੀ ਥਾਂ 'ਤੇ ਗੰਭੀਰ ਗਲਤ ਕੰਮਾਂ ਦਾ ਖੁਲਾਸਾ ਕਰਨਾ ਚਾਹੁੰਦੇ ਹਨ, ਜਾਂ ਜਿਹਨਾਂ ਨੂੰ ਇਸ ਬਾਰੇ ਸਲਾਹ ਦੀ ਲੋੜ ਹੁੰਦੀ ਹੈ ਕਿ ਖੁਲਾਸਾ ਕਰਦੇ ਸਮੇਂ ਉਨ੍ਹਾਂ ਦੀ ਸੁਰੱਖਿਆ ਕਿਵੇਂ ਕੀਤੀ ਜਾਵੇਗੀ। ਲੋਕਪਾਲ ਖੁਲਾਸਿਆਂ ਦੀ ਜਾਂਚ ਕਰ ਸਕਦਾ ਹੈ ਜਾਂ ਉਨ੍ਹਾਂ ਨੂੰ ਵਿਚਾਰਨ ਲਈ ਕਿਸੇ 'ਉਚਿਤ ਅਥਾਰਟੀ' ਕੋਲ ਭੇਜ ਸਕਦਾ ਹੈ।

ਲੋਕਪਾਲ ਨਾਲ ਸੰਪਰਕ ਕਰਨ ਤੇ ਤੁਸੀਂ ਕਿਸੇ ਮੁਸੀਬਤ ਵਿੱਚ ਨਹੀਂ ਪਓਗੇ। ਲੋਕਪਾਲ ਨੂੰ ਤੁਹਾਡੀ ਚਿੰਤਾ ਬਾਰੇ ਕਿਸੇ ਹੋਰ ਨੂੰ ਨਹੀਂ ਦੱਸਣਾ ਚਾਹੀਦਾ, ਜਦੋਂ ਤੱਕ ਕਿ ਇਸ ਨੂੰ ਹੱਲ ਕਰਨ ਵਿੱਚ ਸਹਾਇਤਾ ਕਰਨ ਲਈ ਅਜਿਹਾ ਕਰਨਾ ਜ਼ਰੂਰੀ ਨਾ ਹੋਵੇ।

ਲੋਕਪਾਲ ਸੁਤੰਤਰ ਹੈ ਅਤੇ ਕਾਨੂੰਨੀ ਸਲਾਹ ਪ੍ਰਦਾਨ ਨਹੀਂ ਕਰਦਾ, ਨਾ ਹੀ ਵਕੀਲ ਜਾਂ ਏਜੰਟ ਵਜੋਂ ਕੰਮ ਕਰਦਾ ਹੈ।

ਸੰਪਰਕ ਕਰਨਾ

ਜੇਕਰ ਤੁਹਾਡੇ ਕੋਈ ਸਵਾਲ ਹਨ ਜਾਂ ਫੇਰ ਤੁਸੀਂ ਸ਼ਿਕਾਇਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲੋਕਪਾਲ ਨਾਲ ਸੰਪਰਕ ਕਰ ਸਕਦੇ ਹੋ।

  • ਫ੍ਰੀਫ਼ੋਨ: 0800 802 602
  • ਲੋਕਪਾਲ ਦੀ ਵੈੱਬਸਾਈਟ 'ਤੇ ਸ਼ਿਕਾਇਤ ਫਾਰਮ ਰਾਹੀਂ ਔਨਲਾਈਨ ਇੱਥੇ ਜਾਓ: https://www.ombudsman.parliament.nz/ ਅਤੇ 'ਗੈੱਟ ਹੈਲਪ (ਜਨਤਾ ਲਈ)' 'ਤੇ ਕਲਿੱਕ ਕਰੋ
  • ਈਮੇਲ: info@ombudsman.parliament.nz
  • ਡਾਕ: The Ombudsman,
    PO Box 10152, Wellington 6143

ਲੋਕਪਾਲ ਦੀ ਵੈੱਬਸਾਈਟ 'ਤੇ ਵੱਖ-ਵੱਖ ਭਾਸ਼ਾਵਾਂ ਅਤੇ ਫਾਰਮੈਟਾਂ ਵਿੱਚ ਮਦਦਗਾਰ ਸਰੋਤਾਂ ਅਤੇ ਪ੍ਰਕਾਸ਼ਨਾਂ ਦੀ ਇੱਕ ਸ਼੍ਰੇਣੀ ਉਪਲਬਧ ਹੈ।

ਇਸ ਜਾਣਕਾਰੀ ਨੂੰ ਡਾਊਨਲੋਡ ਕਰੋ

Last modified: